Monday, 23 January 2012

ਖੁਸ਼ੀ

ਵੇਹੜੇ ਉਤੋਂ ਲੰਘ ਰਿਹਾ ਸੀ
ਇਕ ਬੱਦਲ
ਮੈਂ ਮੁਸਕਰਾਈ
ਉਹ ਬਾਹਾਂ'ਚ ਆ ਲੱਥਾ
ਮੈਂ ਫੇਰ  ਮੁਸਕਰਾਈ
ਜਿੰਦਗੀ ਇੰਝ ਵੀ ਜਿਓਂ ਲਈਦੀ ਹੈ

Sunday, 22 January 2012

peeli veil



ਦੁਨੀਆ ਮੈਨੂੰ ਕੈਕਟਸ ਲਗਦੀ
ਤੇ
ਲੋਕ ਕੈਕਟਸ ਦੇ ਕੰਡਿਆਂ ਵਰਗੇ,
ਤੂੰ
ਮੈਨੂੰ ਗੁਲਮੋਹਰ ਲਗਦੈਂ
ਜ਼ਿੰਦਗੀ ਦੀ ਧੁੱਪ ਜਦ ਅਣਸੁਖਾਵੀਂ ਲਗਦੀ
ਤੇਰੀ ਛਾਂ ਮਾਨਣ ਨੂੰ ਜੀਅ ਕਰਦਾ
ਫੁੱਲਾਂ ਨਾਲ ਲੱਦਿਆ
ਤੁੰ
ਗੁਲਮੋਹਰ ਦਾ ਹਰਿਆ ਭਰਿਆ ਰੁੱਖ
ਰੁੱਖ ਇਸ ਲਈ
ਕਿ
ਜ਼ੀਰਾਂਦ ਹੈ ਤੇਰੇ ਅੰਦਰ
ਮੈਂ ਵੀ ਜ਼ਰ ਲਿਆ ਸਭ ਕੁੱਝ
ਉਮਰ ਦੇ ਲੌਢੇ ਵੇਲੇ
ਤੁਰ ਪਈ ਆਂ
ਤੇਰੇ ਵੱਲ
ਛਾਂ ਨੂੰ ਜੋ ਜੀਅ ਕੀਤਾ
ਠੰਢੇ ਪਾਣੀ ਦੇ ਘੁੱਟ ਵਾਂਗ
ਹਾਏ ਰੱਬਾ
ਇਹ ਕੀ
ਗੁਲਮੋਹਰ ਤਾਂ ਘਿਰਿਐ
ਕੈਕਟਸਾਂ ਵਿਚਕਾਰ
ਚਾਰੇ ਪਾਸੇ ਕੈਕਟਸ ਹੀ ਕੈਕਟਸ ,
ਵਾਅਦਾ ਏ ਸਾਹਾਂ ਨਾਲ
ਛਾਂ ਤੱਕ ਪਹੁੰਚਣ ਦਾ,
ਕੈਕਟਸਾਂ ਨੇ ਲੂਹ ਸੁਟਿਆ ਸੀ
ਲਹੂ ਲੁਹਾਨ ਹੋ ਗਈ ਸੀ ਰੂਹ
ਪਰ
ਪਹੁੰਚ ਹੀ ਗਈ ਆਂ
ਗੁਲਮੋਹਰ ਦੇ ਐਨ ਹੇਠਾਂ
ਸੰਘਣੀ ਛਾਂ ਤੇ ਠੰਢੀ ਹਵਾ
ਗਲ ਲੱਗ ਛਾਂ ਮਾਣ ਹੀ ਲਈ ਮੈਂ
ਆਖਰੀ ਸਾਹਾਂ ਦੇ ਸੇਕ ਨਾਲ
ਚੰਦ ਪੱਤੇ ਮੁਰਝਾ ਗਏ ਤੇਰੇ
ਕੁੱਝ ਦਿਨਾਂ ਬਾਦ...........
ਗੁਲਮੋਹਰ ਦੇ ਤਣੇ ਲਾਗੋਂ
ਪੀਲੇ ਫੁੱਲਾਂ ਵਾਲੀ ਵੇਲ ਉਗ ਖਲੋਤੀ
ਹੁਣ
ਦੋਹਾਂ ਦੇ ਫੁੱਲ ਹਵਾ ਦੇ ਹਰ ਝੋਂਕੇ ਨਾਲ
ਰਲਵੀਂ ਸੁਗੰਧ ਛਡਦੇ ਨੇ..........
ਕੈਕਟਸ ਹੈਰਾਨ ਹੋ ਰਿਹੈ

tere layi


ਮੈਂ ਤੈਨੂੰ ਮਿਲਣਾ ਚਾਹੁੰਦੀ ਸਾਂ
ਇੰਜ ਕੇ ਪਰਤ ਕੇ ਨਾ ਆ ਸਕਾਂ
ਪਰ
ਜਦ ਤੂੰ ਮੈਨੂੰ ਮਿਲਿਆ
ਮੇਰੇ ਮੱਥੇ ਤੇ ਚਾਨਣ ਸੀ
ਤੈਥੋਂ ਝੱਲ ਨਾ ਹੋਇਆ
ਤੂੰ ਅੱਖਾਂ ਬੰਦ ਕਰ ਲਈਆਂ
ਮੈਂ ਬਿੰਦੀ ਵਗਾਹ ਮਾਰੀ..........
ਜਦ ਤੂੰ ਮਿਲਿਆ
ਮੇਰੀਆਂ ਵੀਣੀਆਂ ਬੋਲ ਪਈਆਂ
ਤੈਨੂੰ
 ਖਣਖਣਾਹਟ ਪਸੰਦ ਨਾ ਆਈ
ਮੈਂ ਕੰਗਨ ਲਾਹ ਸੁਟੇ..........
ਜਦ ਤੂੰ ਮਿਲਿਆ
ਮੈਂ ਨੱਚ ਰਹੀ ਸੀ
ਜਾਂ ਸ਼ਾਇਦ ਹੱਸ ਰਹੀ ਸੀ
ਤੂੰ ਬੁੱਲਾਂ ਤੇ ਹੱਥ ਰੱਖ ਦਿੱਤਾ
ਮੇਰੀਆਂ ਝਾਂਜਰਾਂ ਬੋਰ ਬੋਰ ਹੋ ਖਿੰਡ ਗਈਆਂ
ਮੈਂ ਚਾਹੁੰਦੀ ਆਂ
ਹੁਣ ਜਦ ਤੂੰ ਮੈਨੂੰ ਮਿਲੇਂ
ਮੱਥੇ ਦੀ ਬਿੰਦੀ,
ਹੱਥਾਂ ਦੇ ਕੰਗਣ,
ਪੈਰਾਂ ਦੀਆਂ ਝਾਂਜਰਾਂ
ਸਬ ਸਲਾਮਤ ਰਹਿਣ
ਮਾਫ਼ ਕਰੀਂ
ਹੁਣ
ਮੈਂ ਪਰਤਨਾ ਚਾਹੁੰਦੀ ਆਂ....
ਰਿਸ਼ਤਿਆਂ ਦੀ ਸਲਾਮਤੀ ਲਈ
ਜ਼ਰੂਰੀ ਹੋ ਗਿਆ
ਮੈਂ ਤੋਂ ਮੈਂ ਤੱਕ ਦੇ
ਅਮੁੱਕ ਸਫ਼ਰ ਦਾ ਅੰਤ

rooh da safar


ਬਾਹਰ ਦੇ ਰੌਲੇ'ਚ ਅੰਦਰ ਦੀ ਆਵਾਜ਼
ਸੁਣਨੌਂ ਹਟ ਗਈ
ਸ਼ਾਇਦ ਮੈਂ ਹੀ ਅਵੇਸਲੀ
ਹੋ ਗਈ ਸਾਂ
 ਤੜਕੇ
ਅੱਖ ਖੁੱਲੀ
ਤਾਂ
ਜਾਗ ਗਈ ਮੈਂ
ਸੱਜੇ ਕੰਨ 'ਚੋਂ
ਸ਼ਾਂ...ਸਾਂ...
ਟੀਂ...ਟੀਂ...
ਬੀਂਨਡੇ ਵਰਗੀਆਂ ਆਵਾਜ਼ਾਂ
ਸਾਰਾ ਧਿਆਨ ਖਿਚਿਆ ਗਿਆ
ਕੀ੍ਲ ਦਿੱਤਾ ਮੈਨੂੰ
ਗੋਲ ਧਰਤੀ
ਅੱਗ ਦਾ ਗੋਲਾ
ਨਿੱਕੇ ਨਿੱਕੇ ਗੀਟੇ
ਚਾਂਦੀ ਦਾ ਬਟਨ
ਇਕ ਧੁਨਿ
 ਮਨ ਕੁੰਤੋ ਮੌਲਾ.....
ਮਨ ਕੁੰਤੋ ਮੌਲਾ.....
ਮਨ ਕੁੰਤੋ ਮੌਲਾ.....
ਮੰਜੇ ਤੇ ਮੇਰਾ ਮੁਰਦਾ ਸਰੀਰ
ਅਛੌਪਲੇ ਜਹੇ ਦਾਖ਼ਲ ਹੋ ਗਈ
ਉਸ'
ਬਾਹਰ ਦੇ ਰੌਲੇ'ਚਫੇਰ
ਗਵਾਚ ਗਈ ਅੰਦਰ ਦੀ ਆਵਾਜ਼.......

vapsi


ਇੱਕ ਪੰਖੇਰੂ
ਉਹਦੇ ਖੰਭਾਂ ਹੇਠ
ਨਿੱਘੇ ਸੁਪਨੇ
ਧੌਣ ਦੁਆਲੇ
ਮੁੱਹਬਤੀ ਗਾਨੀ
ਚੁੰਝ ਵਿੱਚ
ਗੀਤਾਂ ਦਾ ਬਾਜਰਾ
ਪੈਰਾਂ '
ਇਲਾਹੀ ਘੂੰਗਰੂ
ਮੇਰੇ ਸ਼ਹਿਰ ਦਿਓ ਲੋਕੋ
ਜਰਾ ਨੇੜੇ ਹੋ ਕੇ ਸੁਣੋ
 ਸੂਰਜ ਨਾਲ ਇਸ਼ਕ ਕਰ ਬੈਠਾ
ਮੈਂ ਤਾਂ ਆਖਦੀ ਆਂ
ਖੋਲ ਦਿਓ ਪਿੰਜਰਾ
ਹਵਾ ਨਾਲ ਹਵਾ ਹੋ ਲੈਣ ਦਿਓ
ਭਰ ਲੈਣ ਦਿਓ ਇੱਕ ਪਰਵਾਜ਼
ਅਸਮਾਨ ਦੇ ਸਿਖਰ ਤੋਂ
ਧਰਤ ਦੇ ਗਰਭ ਤੱਕ
 ਆਖਿਰ ਕੀ ਮਾਨ  ਲਵੇਗਾ
 ਆਵਾਰਗੀ ਤੋਂ ਸਿਵਾ
 ਮੇਰੇ ਸ਼ਹਿਰ ਦਿਓ ਲੋਕੋ
ਜਰਾ ਨੇੜੇ ਹੋ ਕੇ ਸੁਣੋ
ਵਿਸ਼ਵਾਸ ਕਰੋ
ਉਹ ਪਰਤੇਗਾ.....
ਜ਼ਰੂਰ ਪਰਤੇਗਾ
ਸੂਰਜ ਦਾ ਨਿਘ ਮਾਨ ਕੇ
ਰਾਖ ਹੋਣ ਤੋਂ ਪਹਿਲਾਂ ਪਹਿਲਾਂ
ਮੁੜ ਆਵੇਗਾ
ਆਉਣਾ ਹੀ ਪਵੇਗਾ
ਪਿੰਜਰੇ ਦੀ ਉਡੀਕ ਲਈ
ਤੁਹਾਡੇ ਯਕੀਨ ਲਈ
ਸੂਰਜ ਦੇ ਗਲ ਤਵੀਤ ਪਾ
ਆ ਜਾਵੇਗਾ
ਆ ਜਾਵੇਗਾ

ik nazam

ਸਾਰੀ ਉਮਰ ਇਸ਼ਕ ਦੀ ਇੱਕ ਬਾਤ ਜਹੀ ਚਲਦੀ ਰਹੀ
ਤੂੰ ਮੇਰੇ ਜਿਸਮ ਦੇ ਸੂਹੇ ਫੁੱਲ ਚੁਗਦਾ ਰਿਹਾ
ਮੈਂ ਤੇਰੀ ਮਹਿਕ ਦੀ ਅੱਗ ਵਿੱਚ ਬਲਦੀ ਰਹੀ
ਹਰ ਰਾਤ ਸਾਡੇ ਰਿਸ਼ਤੇ ਨੂੰ ਚਿਥਦੀ ਚੱਬਦੀ ਰਹੀ

Thursday, 19 January 2012

supna


ਜਦੋਂ ਉਹ ਜ਼ਿੰਦਗੀ ਦੀਆਂ ਗਲੀਆਂ 'ਚੋਂ ਲੰਘੀ,
ਹਰ ਘਰ ਦੇ ਬੂਹੇ ਨੇ ਕੁੱਝ ਕਿਹਾ
ਕਿਸੇ ਘਰ 'ਚੋਂ ਆਵਾਜ਼ ਆਈ,
"ਆਜਾ ,ਕਿਥੇ ਲੰਘ ਚਲੀ ਏਂ"
ਕਿਸੇ ਕਿਹਾ
... "ਮੁੜਦੀ ਆਂਵੀ......."
ਉਹ ਚੰਗਾ ਕਹਿ
ਅਗਾਂਹ ਤੁਰਦੀ ਗਈ ...........
ਉਹਨੂੰ ਵੀ ਕਿਹੜਾ ਪਤਾ ਸੀ
....ਤੇ ਨਾ ਉਹਨਾਂ ਆਵਾਜ਼ਾਂ ਨੂੰ
ਕਿ ਜ਼ਿੰਦਗੀ ਵਨ ਵੇਅ ਹੈ...........
ਮੁੜ ਪੈਣ ਨਾਲ ਹਾਦਸਾ ਹੋ ਸਕਦਾ
ਗਲੀ ਮੁੱਕਣ ਹੀ ਵਾਲੀ ਸੀ
ਇੱਕ ਆਵਾਜ਼ ਆਈ…….
" ,ਰਤਾ ਸਾਹ ਈ ਲੈ ਜਾ..."
ਆਵਾਜ਼ ਦੀ ਕਸ਼ਿਸ਼
ਤੇ
ਸਫ਼ਰ ਦੀ ਥਕਾਵਟ ਨੇ
ਰੋਕ ਲਿਆ
ਸਾਹਾਂ ਦੀ ਵੀ ਲੋੜ ਸੀ..........
ਸੋ
ਆਪ ਮੁਹਾਰੇ ਅੰਦਰ ਲੰਘ ਗਈ
ਇੱਕ ਸ਼ਖਸ ਧੂਣੀ ਧੁਖਾਈ ਬੈਠਾ ਸੀ
ਇਸ਼ਾਰੇ ਨਾਲ ਬੈਠਣ ਲਈ ਕਿਹਾ ਉਸ
ਅੱਖਾਂ ਬੰਦ ਕਰ ਬਹਿ ਗਈ ਉਹ
ਅਗਲੀ ਆਵਾਜ਼ ਸੀ…..
ਓਮਮਮਮ ....ਓਮਮਮਮ ......ਓਮਮਮਮ
ਉਹ ਮੰਤਰ ਮੁਗਧ ਹੋ ਗਈ
ਟੁਟਦੇ ਸਾਹ ਵਾਪਸ ਮੁੜ ਆਏ

desire


ਕਵਿਤਾ ਕਹਿਣ ਦੀ ਕੋਸ਼ਿਸ਼'ਚ ਅੱਜ ਮੇਰਾ ਵੀ ਜੀਅ ਕੀਤਾ
ਮੈਂ ਵੀ ਕਿਸੇ ਕਵਿਤਾ ਦੀ
ਵਿਲਕਦੀ ਜਹੀ ਸਤਰ ਹੋਵਾਂ
ਮੈਂ ਵੀ ਕਿਸੇ ਨਜ਼ਮ ਦਾ
ਅਧੂਰਾ ਜੇਹਾ ਹਰਫ਼ ਹੋਵਾਂ
ਮੈਂ ਵੀ ਕਿਸੇ ਗਜ਼ਲ ਦਾ
ਤੜਫਦਾ ਜੇਹਾ ਸ਼ੇਅਰ ਹੋਵਾਂ
ਕਵਿਤਾ ਕਹਿਣ ਦੀ ਕੋਸ਼ਿਸ਼'ਚ ਅੱਜ ਮੇਰਾ ਵੀ ਜੀਅ ਕੀਤਾ

Wednesday, 18 January 2012

ਮੇਰੀ ਵਰਣਮਾਲਾ


ਮੇਰੀ ਵਰਣਮਾਲਾ'ਚ ਪੈਂਤੀ ਨਹੀ
ਛੱਤੀ ਵਰਣ ਨੇ

ਛੱਤੀਵਾਂ
ਕਦੇ ਗਮਲੇ'ਚ ਫੁੱਲ ਬਣ ਉੱਗਦਾ
ਕਦੇ ਹੰਝੂ ਬਣ ਡੁਲਦਾ
ਕਦੇ ਚੁੱਲੇ ਦੀ ਲਾਟ ਹੋ ਜਾਂਦਾ

ਸਾਰੇ ਅੱਖਰ ਸਕੂਲ  ਜਾਂਦੇ
ਛਤੀਵਾਂ ਬਰੂਹਾਂ ਤੇ ਖੜਾ
ਬੁੱਲ ਟੇਰਦਾ ਸੁਬਕਦਾ ਰਹਿੰਦਾ

ਘਰ ਆ ਅੱਖਰ ਬਸਤੇ'ਚ ਵੜ ਜਾਂਦੇ
ਛੱਤੀਵਾਂ ਨੁੱਕਰ'ਚ ਪਈ
ਫੱਟੀ 'ਤੇ ਫੈਲ ਜਾਂਦਾ

ਸ਼ਾਮ ਪਏ ਛੱਤੀਵਾਂ
ਮੇਰੀ ਕਲਮ ਤੇ ਆ ਬਹਿੰਦਾ
ਹੱਥ ਫੜ ਅੱਖਰਾਂ ਨੂੰ ਕਾਗਜ਼ ਤੇ ਉਤਾਰ ਦਿੰਦਾ
ਸਭ ਉਸ ਦੇ ਮੁਰੀਦ ਹੋ ਜਾਂਦੇ


ਰਾਤ ਪਏ ਛੱਤੀਵਾਂ
 ਜਿਸਮ ਨੂੰ ਸਜਦਾ ਕਰਦਾ
 ਮੱਥੇ'ਚ ਆ ਲਹਿੰਦਾ
ਮੌਜ ਮਾਣਦੇ
ਅਸੀਂ ਰਕਸ ਕਰਦੇ
ਘੂੰਗਰੂ ਬੰਨ
ਡੂੰਘੀ ਰਾਤ ਤੀਕ

ਦਿਨ ਦੇ ਪਹਿਲੇ ਪਹਿਰ
 ਸੁਪਨਾ ਆਉਂਦਾ
ਹਵਨ ਦੀ ਅੱਗ
ਹੱਥ ਜੋੜੀ ਖੜੇ
ਸਭੇ ਵਰਣ
ਸਮਾਧੀ'ਚ ਹੈ ਛੱਤੀਵਾਂ

 ਮੇਰੀ ਵਰਣਮਾਲਾ'ਚ ਪੈਂਤੀ ਨਹੀ
ਛੱਤੀ ਵਰਣ ਨੇ

chahat


ਕਲ
 ਜਦ ਮਿਲਣ ਆਈ ਸਾਂ ਤੈਨੂੰ
ਮਜ਼ਾਰ ਦੇ ਚੁਫੇਰੇ
ਹਨੇਰੇ ਦਾ ਰਾਜ ਸੀ
ਦੀਵੇ ਦੀ ਨਿੰਮੀ ਲੋਅ
ਬੀਂਡੇ ਦੀ ਆਵਾਜ਼
ਜੂਗਨੂੰਆਂ ਦਾ ਸ਼ੋਰ
ਸਭ ਗਵਾਹ ਨੇ
 ਕਲ
 ਜਦ ਮਿਲਣ ਆਈ ਸਾਂ ਤੈਨੂੰ
ਮੇਰੀਆਂ ਤਲੀਆਂ ਤੇ ਕੁੱਝ ਅੱਖਰ ਸਨ
ਤੇ
ਬੁੱਲਾਂ ਤੇ ਲਰਜ ਰਹੀ ਸੀ ਇਕ ਧੁਨ
ਜ਼ਿਆਦਾ ਨਹੀਂ ਬਸ ਏਨਾ ਹੀ ਚਾਹਿਆ ਸੀ
ਅੱਖਰਾਂ ਨੂੰ ਬੁੱਲਾਂ ਦੀ ਛੋਹ ਮਿਲੇ
ਤੇ ਧੁਨ ਨੂੰ ਛਾਤੀ'ਚ ਸਾਂਭ ਲਵੇਂ ਤੂੰ
ਤੇ ਇੱਕ ਗੀਤ ਹਵਾ ਦੀ ਨਜ਼ਰ ਹੋ ਜਾਵੇ......
ਜ਼ਿਆਦਾ ਤਾਂ ਨਹੀਂ ਨਾ ਚਾਹਿਆ ਮੈਂ..............
 ਕਲ
 ਜਦ ਮਿਲਣ ਆਈ ਸਾਂ ਤੈਨੂੰ