ਮੇਰੀ ਵਰਣਮਾਲਾ'ਚ ਪੈਂਤੀ ਨਹੀ
ਛੱਤੀ ਵਰਣ ਨੇ
ਛੱਤੀਵਾਂ
ਕਦੇ ਗਮਲੇ'ਚ ਫੁੱਲ ਬਣ ਉੱਗਦਾ
ਕਦੇ ਹੰਝੂ ਬਣ ਡੁਲਦਾ
ਕਦੇ ਚੁੱਲੇ ਦੀ ਲਾਟ ਹੋ ਜਾਂਦਾ
ਸਾਰੇ ਅੱਖਰ ਸਕੂਲ ਜਾਂਦੇ
ਛਤੀਵਾਂ ਬਰੂਹਾਂ ਤੇ ਖੜਾ
ਬੁੱਲ ਟੇਰਦਾ ਸੁਬਕਦਾ ਰਹਿੰਦਾ
ਘਰ ਆ ਅੱਖਰ ਬਸਤੇ'ਚ ਵੜ ਜਾਂਦੇ
ਛੱਤੀਵਾਂ ਨੁੱਕਰ'ਚ ਪਈ
ਫੱਟੀ 'ਤੇ ਫੈਲ ਜਾਂਦਾ
ਸ਼ਾਮ ਪਏ ਛੱਤੀਵਾਂ
ਮੇਰੀ ਕਲਮ ਤੇ ਆ ਬਹਿੰਦਾ
ਹੱਥ ਫੜ ਅੱਖਰਾਂ ਨੂੰ ਕਾਗਜ਼ ਤੇ ਉਤਾਰ ਦਿੰਦਾ
ਸਭ ਉਸ ਦੇ ਮੁਰੀਦ ਹੋ ਜਾਂਦੇ
ਰਾਤ ਪਏ ਛੱਤੀਵਾਂ
ਜਿਸਮ ਨੂੰ ਸਜਦਾ ਕਰਦਾ
ਮੱਥੇ'ਚ ਆ ਲਹਿੰਦਾ
ਮੌਜ ਮਾਣਦੇ
ਅਸੀਂ ਰਕਸ ਕਰਦੇ
ਘੂੰਗਰੂ ਬੰਨ
ਡੂੰਘੀ ਰਾਤ ਤੀਕ
ਦਿਨ ਦੇ ਪਹਿਲੇ ਪਹਿਰ
ਸੁਪਨਾ ਆਉਂਦਾ
ਹਵਨ ਦੀ ਅੱਗ
ਹੱਥ ਜੋੜੀ ਖੜੇ
ਸਭੇ ਵਰਣ
ਸਮਾਧੀ'ਚ ਹੈ ਛੱਤੀਵਾਂ
ਮੇਰੀ ਵਰਣਮਾਲਾ'ਚ ਪੈਂਤੀ ਨਹੀ
ਛੱਤੀ ਵਰਣ ਨੇ
No comments:
Post a Comment