ਤੂੰ ਆ ਹੀ ਜਾਂਵੀਂ,ਕੱਲ
ਆਪਾਂ ਮੇਲੇ ਚੱਲਾਂਗੇ
ਮੈਂ ਸੂਹੀ ਫੁਲਕਾਰੀ ਲੈ
ਫੱਬ ਜਾਂਵਾਂਗੀ
ਤੇ
ਤੂੰ ,ਤੂੰ..
ਰੂਹ ਗੱਲ ਪਾ ਲਵੀਂ
ਹੱਸਦਾ ਸੋਹਣਾ ਲਗਦੈਂ
ਸੋ,ਤੂੰ
ਤੂੰ ਆ ਹੀ ਜਾਂਵੀਂ,ਕੱਲ
ਅਖ਼ਬਾਰ ਦੀ ਕੋਨ ਵਾਲੇ ਦਾਣੇ
ਮਦਾਰੀ ਤੇ ਬਾਂਦਰ ਦਾ ਤਮਾਸ਼ਾ
ਕਠਪੁਤਲੀਆਂ ਦਾ ਨਾਚ
ਬੁੱਢੀ ਮਾਈ ਦਾ ਝਾਟਾ
ਲਾਚੀਦਾਣੇ ਵਾਲੇ ਦੀ ਸੀਟੀ
ਤੇ
ਰੰਗ ਬਰੰਗਾ ਮੋਰ
ਰੱਬ ਦੀ ਸੌਂਹ ਤੇਰੇ ਬਿਨਾਂ ਜਚਦੇ ਨਹੀਂ ਮੈਨੂੰ
ਫੇਰ ਮੈਂ ਗਵਾਚ ਜਾਵਾਂਗੀ
ਇਸ ਲਈ ਕਿ ਤੂੰ ਹੀ ਲਭੇਂ ਮੈਨੂੰ
ਅੱਖਾਂ'ਚ ਮੋਹ ਭਰ ਕੇ
ਤੂੰ ਆਪਣੇ ਨਾਂ ਵਾਲੇ ਅੱਖਰ
ਮੇਰੇ ਪਿੰਡੇ ਤੇ ਖੁਣਵਾ ਦੇਵੀਂ
ਕਦੇ ਨਹੀਂ ਗਵਾਚਾਂਗੀ ਮੈਂ
ਪੁੱਛੀਂ ਨਾਂ,,, ਕੀ ਲੈਣਾ
ਬਸ
ਹੌਲੀ ਜਹੀ ਲੈ ਦੇਵੀਂ
ਖੰਡ ਦੇ ਖਿਡਾਉਣੇ
ਮੈਂ ਤੈਨੂੰ ਮੁੱਹਬਤ ਲੈ ਦੇਵਾਂਗੀ
No comments:
Post a Comment