Wednesday, 29 February 2012

ਪਛਾਣ


ਜਜ਼ਬਾਤਾਂ ਦੀ ਗਲ ਕਰਾਂ
ਤਾਂ ਦੁਕਾਨ ਅਗੋਂ ਲੰਘਦਾ
ਇੱਕ ਸ਼ਖਸ ਯਾਦ ਆਉਂਦਾ
ਜ਼ਮੀਨ ਤੇ ਨਜ਼ਰਾਂ ਗਡੀ
ਕੂੜਾ ਹੋਈਆਂ ਚੀਜ਼ਾਂ
ਇੱਕਠੀਆਂ ਕਰਦਾ
ਥੋੜਾ ਰੁਕਦਾ
ਥੋੜਾ ਟੁਰਦਾ
ਮੱਧਮ ਲੈਅ'ਚ
ਗੁਣਗੁਣਾਉਂਦਾ
ਮੈਲੇ ਕਪੜੇ
ਉਲਝੇ ਵਾਲ
ਉਸ ਦੀ ਗੈਰਹਾਜ਼ਰੀ
ਉਦਾਸੀ ਦਾ ਸਬੱਬ ਬਣਦੀ
ਸੋਚਿਆ ਹੁਣ ਆਇਆ
ਤਾਂ ਕਹਾਂਗੀ ਕੁੱਝ
ਪਿਆਰ ਵਰਗਾ
ਕੱਲ ਆਇਆ
ਤਾਂ ਨੱਠੀ ਗਈ
ਉਹ ਠਠੰਬਰ ਗਿਆ
ਰੁਕ ਗਿਆ
ਪਥਰਾ ਗਿਆ

ਪਲ ਭਰ ਲਈ ਅੱਖਾਂ'ਚ ਤੱਕਿਆ
ਮੈਂ ਵੀ,ਤਾਂ ਲੱਗਾ
ਅਜੀਬ ਚਮਕ ਸੀ
ਇਲਾਹੀ ...
ਅਗਲੇ ਪਲ
ਉਹ ਮੁਸਕਰਾ ਰਿਹਾ ਸੀ
ਜਾ ਚੁੱਕਾ ਸੀ
ਮੇਰੇ ਅੰਦਰ ਦੇ ਪਾਗਲ ਨੂੰ ਪਛਾਣ ਗਿਆ ਸੀ
ਹੁਣ ਪਥਰਾ ਜਾਣ  ਦੀ ਵਾਰੀ ਮੇਰੀ ਸੀ

No comments:

Post a Comment