ਸਵੇਰ ਦੀ ਚਾਹ
ਚੰਗੀ ਨਹੀਂ ਲੱਗ ਰਹੀ
ਕਦੇ ਅਦਰਕ ਪਾਉਂਦੀ ਹਾਂ
ਕਦੇ ਇਲਾਇਚੀ
ਕਦੇ ਤੁਲਸੀ ਦੇ ਪੱਤਿਆਂ ਨੂੰ
ਅਜਮਾਉਂਦੀ ਹਾਂ
ਅਜੀਬ ਜੇਹੀ ਹੁੰਮਕ ਆ ਰਹੀ ਏ
ਮਾਸ ਦੀ ਬੋ ਵਰਗੀ...ਹਵਾੜ
ਕੱਪ ਬਦਲਦੀ ਆਂ
ਚਾਹ ਵਾਲਾ ਬਰਤਨ ਮਾਂਜਦੀ ਆਂ
ਹੱਥ ਰਗੜ ਕੇ ਸਾਫ਼ ਕਰਦੀ ਹਾਂ
ਹਵਾੜ ਤਿੱਖੀ ਹੋ ਰਹੀ ਏ
ਹੰਭ ਕੇ ਬਹਿ ਜਾਂਦੀ ਆਂ
ਖਿਆਲ ਮੰਡਰਾਉਂਦੇ ਨੇ
ਨਜ਼ਰ ਚੁਫ਼ੇਰੇ ਦੌੜਦੀ ਏ
ਅਚਾਨਕ ਯਾਦ ਆਉਂਦਾ
ਇਹ ਤਾਂ ਮਰ ਚੁੱਕੇ ਰਿਸ਼ਤਿਆਂ ਦੀ ਸੜਾਂਦ ਏ
ਜੋ
ਉਹਨਾਂ ਦੇ ਬੋਲਾਂ'ਚੋਂ ਆਉਂਦੀ ਰਹੀ
ਸਾਰੀ ਰਾਤ
ਬੋਲ ਹਵਾ'ਚ ਲਟਕਦੇ ਰਹੇ
ਉਸੇ ਹਵਾ'ਚ ਰਿੱਝੀ ਸੀ ਚਾਹ
ਉੱਠਦੀ ਹਾਂ
ਐਗਜ਼ੌਸਟ ਚਲਾ ਦਿੰਦੀ ਹਾਂ
ਰਸੋਈ ਦਾ ਵੀ
ਤੇ
ਮਨ ਦਾ ਵੀ
ਚਾਹ ਚੰਗੀ ਲੱਗ ਰਹੀ ਏ
No comments:
Post a Comment